ਨਾਨਕ ਦੁਖੀਆਂ ਸਭ ਸੰਸਾਰ | Nanak Dukhiya sab sansar

ਨਾਨਕ ਦੁਖੀਆਂ ਸਭ ਸੰਸਾਰ

ਗੁਰੂ ਨਾਨਕ ਦੇਵ ਜੀ ਦਾ ਕਥਨ- ‘ਨਾਨਕ ਦੁਖੀਆ ਸਭ ਸੰਸਾਰ’ ਗੁਰੂ ਨਾਨਕ ਦੇਵ ਜੀ ਦੀ ਉਚਾਰੀ ਹੋਈ ਤੁਕ ਹੈ ਇਸ ਵਿਚ ਸਾਡੇ ਜੀਵਨ ਦੀ ਇਕ ਕੌੜੀ ਸਚਾਈ ਭਰੀ ਹੋਈ ਹੈ। ਜਦੋ ਕੋਈ ਬਹੁਤ ਦੁਖੀ ਹੋਵੇ ਅਤੇ ਉਹ ਹੌਸਲਾ ਹਾਰ ਰਿਹਾ ਹੋਵੇ, ਤਾਂ ਉਸਨੂੰ ਹੌਸਲਾ ਦੇਣ ਲਈ ਇਹ ਤੁਕ ਆਮ ਉਚਾਰਦੇ ਹਾਂ । ਇਸ ਪ੍ਰਕਾਰ ਇਹ ਤੁਕ ਪੰਜਾਬੀ ਜੀਵਨ ਵਿਚ ਅਖਾਣ ਦ ਰੂਪ ਧਾਰ ਚੁੱਕੀ ਹੈ ।

ਸੰਸਾਰ ਵਿਚ ਸਾਰੇ ਦੁਖੀ ਹਨ-ਦੁਨੀਆ ਵਿਚ ਹਰ ਇਕ ਮਨੁੱਖ ਨੂੰ ਇਹ ਭੁਲੇਖਾ ਪਿਆ ਹੋਇਆ ਹੈ ਕਿ ਇਸ ਸੰਸਾਰ ਵਿਚ ਖਬਰੇ ਦੁੱਖ ਕੇਵਲ ਉਸ ਦੇ ਹਿੱਸੇ ਹੀ ਆਏ ਹਨ ਤੇ ਬਾਕੀ ਸਾਰੇ ਲੋਕ ਸੁਖੀ ਹਨ। ਇਸ ਭੁਲੇਖੇ ਕਾਰਨ ਉਸ ਦੇ ਦੁੱਖ ਉਸ ਨੂੰ ਹੋਰ ਪ੍ਰੇਸ਼ਾਨ ਕਰਦੇ ਹਨ । ਗੁਰੂ ਨਾਨਕ ਦੇਵ ਜੀ ਨੇ ਆਪਣੇ ਇਸ ਬਚਨ ਨਾਲ ਸਾਡਾ ਇਹ ਭੁਲੇਖਾ ਤੇ ਪ੍ਰੇਸਾਨੀ ਦੂਰ ਕਰਨ ਦਾ ਯਤਨ ਕੀਤਾ ਹੈ । ਸ਼ੇਖ ਫ਼ਰੀਦ ਜੀ ਨੇ ਵੀ ਮਨੁੱਖੀ ਮਨ ਦੇ ਇਸ ਭੁਲੇਖੇ ਬਾਰੇ ਅਜਿਹਾ ਹੀ ਵਿਚਾਰ ਪੇਸ਼ ਕੀਤਾ ਹੈ । ਉਹ ਲਿਖਦੇ ਹਨ-

ਫਰੀਦਾ ਮੈ ਜਾਨਿਆ ਦੁਖ ਮੁਝ ਕੂ ਦੁਖ ਸਬਾਇਐ ਜਗੁ । ਉਚੇ ਚੜ ਕੇ ਦੇਖਿਆ ਘਰਿ ਘਰਿ ਏਹਾ ਅਗੁ ।

ਅਸਲ ਵਿਚ ਦੂਰ ਦੇ ਢੋਲ ਸੁਹਾਵਣੇ ਹੁੰਦੇ ਹਨ । ਜਦੋਂ ਅਸੀਂ ਅਮੀਰ ਲੋਕਾਂ ਦੀਆਂ ਕਾਰਾਂ ਤੇ ਆਲੀਸ਼ਾਨ ਕੋਠੀਆਂ ਦੇਖਦੇ ਹਾਂ ਤਾਂ ਸਾਨੂੰ ਇੰਞ ਪ੍ਰਤੀਤ ਹੁੰਦਾ ਹੈ ਕਿ ਮਇਹਨਾਂ ਨੂੰ ਦੁੱਖ ਨਹੀਂ ਹੋਵੇਗਾ। ਇਹਨਾ ਕੋਲ ਸਾਨਦਾਰ ਤੇ ਸੁੰਦਰ ਬਗ਼ੀਚੇ ਵਿਚ ਘਿਰੀ ਹੋਈ ਕੋਠੀ ਹੈ।

ਕਮਰਿਆ ਅੰਦਰ ਗਰਮੀਆਂ ਵਿਚ ਏਅਰ ਕੰਡੀਸ਼ਨਾਂ ਤੇ ਸਰਦੀਆਂ ਵਿਚ ਹੀਟਰ ਦਾ ਪ੍ਰਬੰਧ ਹੈ।ਹਰ ਕਮਰਾ ਰੱਜ ਕੇ ਸ਼ਿੰਗਾਰਿਆ ਹੋਇਆ ਹੈ।ਘਰ ਵਿੱਚ ਧਨ, ਕੱਪੜਿਆ, ਗਹਿਣਿਆਂ ਤੇ ਹੀਰਿਆ ਮੋਤੀਆਂ ਦੀ ਕੋਈ ਘਾਟ ਨਹੀਂ। ਕਾਰਾ ਫਰਿਜ਼ ਟੈਲੀਵਿਯਨ ਸੋਫੇ ਟੈਲੀਫੋਨ ਮੋਬਾਈਲ ਮਾਈਕਰੋਵੇਵ ਤੇ ਨੌਕਰ ਚਾਕਰ ਸਭ ਕੁੱਝ ਇਹਨਾ ਦੇ ਘਰ ਵਿਚ ਹੈ ।

ਕਿਸੇ ਦੇ ਬਿਮਾਰ ਹੋਣ ਤੇ ਉਹ ਝਟਪਟ ਜਿੰਨੇ ਮਰਜੀ ਚਾਹੁਣ ਡਾਕਟਰ ਇਕੱਠੇ ਕਰ ਸਕਦੇ ਤੇ ਦੇਸ਼ਾਂ- ਵਿਦੇਸ਼ਾ ਤੋਂ ਇਲਾਜ ਪ੍ਰਾਪਤ ਕਰ ਸਕਦੇ ਹਨ । ਅਸੀ ਇਹਨਾ ਲੋਕਾ ਦੇ ਅਜਿਹੇ ਠਾਠ-ਬਾਠ ਤੋਂ ਅੰਦਾਜਾ ਲਗਾਉਂਦੇ ਹਾਂ ਕਿ ਇਹਨਾ ਨੂੰ ਕੋਈ ਦੁੱਖ ਤਕਲੀਫ ਹੋ ਹੀ ਨਹੀਂ ਸਕਦੀ, ਪਰੰਤੂ ਇਹ ਗੱਲ ਨਹੀਂ।

ਜੇਕਰ ਜ਼ਰਾ ਇਹਨਾਂ ਲੋਕਾਂ ਦੇ ਨੇੜੇ ਰਹਿਣ ਦਾਮੌਕਾ ਮਿਲੇ ਤਾਂ,ਤੁਹਾਨੂੰ ਪਤਾ ਲੱਗੇਗਾ ਕਿ ‘ਵੱਡਿਆਂ ਸਿਰਾਂ ਦੀਆਂ ਵੱਡੀਆਂ ਪੀੜਾਂ’ ਕਹਿਣ ਵਾਂਗ ਇਹ ਲੋਕ ਮਾਨਸਿਕ ਤੌਰ ‘ਤੇ ਬਹੁਤ ਹੀ ਪ੍ਰੇਸ਼ਾਨ ਹੁੰਦੇ ਹਨ। ਵਪਾਰ ,ਇਨਕਮ ਟੈਕਸ, ਜਾਇਦਾਦ ਟੈਕਸ ,ਕਾਲੇ ਧਨ ਦੀ ਸੰਭਾਲ ਆਦਿ ਦਾ ਫਿ਼ਕਰ ਉਹਨਾਂ ਦੀ ਜਾਨ ਨੂੰ ਖਾਂਦਾ ਰਹਿੰਦਾ ਹੈ। ।

ਉਹਨਾਂ ਦੀਆਂ ਚਿੰਤਾਵਾਂ ਦਾ ਸੰਸਾਰ ਵਿਚ ਕੋਈ ਇਲਾਜ ਨਹੀਂ। ਉਹ ਬਲੱਡ ਪ੍ਰੈਸ਼ਰ, ਕੈਂਸਰ, ਸ਼ੂਗਰ ਤੇ ਦਿਲ ਦੇ ਰੋਗਾਂ ਦੇ ਬਿਮਾਰ ਬਣ ਕੇ ਹਰ ਸਮੇਂ ਦੁੱਖ ਅਤੇ ਪ੍ਰੇਸ਼ਾਨੀ ਵਿਚ ਦਿਨ ਗੁਜ਼ਾਰਦੇ ਹਨ ।

ਸੰਸਾਰ ਦੁੱਖਾਂ ਦਾ ਘਰ-ਇਸ ਤਰ੍ਹਾਂ ਅਸੀਂ ਦੇਖਦੇ ਹਾ ਕਿ ਸੰਸਾਰ ਦੁੱਖਾਂ ਦਾ ਘਰ ਹੈ । ਇਸ ਵਿਚ ਹਰ ਕੋਈ ਇਕ ਦੂਜੇ ਤੋਂ ਵੱਧ ਦੁਖੀ ਹੈ । ਸਦਾ ਸੁਖ ਨਾ ਅਮੀਰ ਨੂੰ ਹਾਸਲ ਹੈ ਤੇ ਨਾ ਹੀ ਗ਼ਰੀਬ ਨੂੰ।

ਦੁੱਖ ਤਾਂ ਬਾਦਸ਼ਾਹਾਂ ਅਵਤਾਰਾਂ ਤੇ ਪੀਰਾਂ ਪੈਗ਼ੰਬਰਾਂ ਦੇ ਸਿਰ ਵੀ ਆਏ ਹਨ । ਰਾਮ ਚੰਦਰ ਤੇ ਸੀਤਾ ਜੀ ਨੂੰ ਬਨਵਾਸ ਦਾ ਪਾਡਵਾ ਨੂੰ ਭਰਾਵਾਂ ਦੀ ਦੁਸ਼ਮਣੀ ਦਾ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਤੇ ਬੈਠਣ ਦਾ ਗੁਰੂ ਗੋਬਿੰਦ ਸਿੰਘ ਨੂੰ ਸਾਰਾ ਪਰਿਵਾਰ ਸ਼ਹੀਦ ਕਰਵਾਉਣ ਦਾ ਸ਼ਾਹਜਹਾਂ ਨੂੰ ਪੁੱਤਰਾ ਦੀ ਕੈਦ ਵਿਚ ਪੈਣ ਦਾ ਸਿਵਾਜੀ ਨੂੰ ਔਰੰਗਜੇਬ ਦੇ ਧੋਖੇ ਦਾ ਦੁੱਖ ਸਹਾਰਨਾ ਪਿਆ ਸੀ । ਇਸ ਪ੍ਰਕਾਰ ਅਸੀਂ ਦੇਖਦੇ ਹਾਂ ਕਿ ਦੁੱਖ ਤੋਂ ਕੋਈ ਅਮੀਰ ਜਾਂ ਉੱਚ ਪਦਵੀ ਵਾਲਾ ਵੀ ਨਹੀਂ ਬਚ ਸਕਦਾ।

ਗੁਰੂ ਜੀ ਨੇ ਕਿਹਾ ਹੈ ਕਿ ਦੁੱਖ ਮਨੁੱਖੀ ਜੀਵਨ ਵਿਚ ਬਹੁਤ ਮਹੱਤਵਪੂਰਨ ਸਥਾਨ ਰੱਖਦੇ ਹਨ । ਉਹ ਫਰਮਾਉਂਦੇ ਹਨ-

ਦੁਖ ਦਾਰੂ ਸੁਖ ਰੋਗ ਭਇਆ।

ਦੁੱਖ ਦਾਰੂ ਹੈ-ਅਰਥਾਤ ਦੁੱਖ ਸਰੀਰ ਲਈ ਦਾਰੂ ਹੈ ।ਪਰੰਤੂ ਸੁਖ ਰੰਗ ਸਮਾਨ ਹਨ । ਦੁੱਖ ਵਿਚ ਫਸਿਆ ਬੰਦਾ ਸੁਖਾ ਦੀ ਪ੍ਰਾਪਤੀ ਲਈ ਸੰਘਰਸ਼ ਕਰਦਾ ਹੈ ।ਤੇ ਬਹੁਤ ਸਾਰੇ ਉਸਾਰੂ ਕੰਮ ਕਰ ਜਾਂਦਾ ਹੈ, ਜੋ ਕਿ ਉਸ ਦਾ ਵਿਅਕਤੀਗਤ ਵਿਕਾਸ ਕਰਦੇ ਹਨ ,ਜਿਸ ਨਾਲ ਉਸ ਦੀ ਸ਼ਖਸੀਅਤ ਉੱਚੀ ਹੁੰਦੀ ਹੈ, ਪਰੰਤੂ ਹਰ ਵੇਲੇ ਸੁਖ ਭੋਗਣ ਵਾਲੇ ਬੰਦ ਦੀ ਅਵਸਥਾ ਖੜ੍ਹੇ ਪਾਣੀ ਵਰਗੀ ਹੁੰਦੀ ਹੈ ,ਜੋ ਬਦਬੂ ਛੱਡਦਾ ਹੈ। ਇਸ ਲਈ ਦੁੱਖਾਂ ਦਾ ਮਨੁੱਖੀ ਜੀਵਨ ਵਿਚ ਹੋਣਾ ਸ਼ਖ਼ਸੀਅਤ ਦੇ ਵਿਕਾਸ ਲਈ ਜ਼ਰੂਰੀ ਹੈ ।

ਦੁੱਖ-ਸੁਖ ਜੀਵਨ ਦੇ ਅੰਗ ਹਨ-ਅੰਤ ਵਿਚ ਅਸੀਂ ਕਹਿ ਸਕਦੇ ਹਾ ਕਿ ਮਨੁੱਖ ਨੂੰ ਦੁੱਖਾਂ ਤੋਂ ਘਬਰਾਉਣਾ ਨਹੀਂ ਚਾਹੀਦਾ, ਸਗੋਂ ਇਹਨਾ ਨੂੰ ਮਨੁੱਖੀ ਜੀਵਨ ਦਾ ਸੁਖਾ ਵਾਂਗ ਹੀ ਅੰਗ ਸਮਝ ਕੇ ਸਵੀਕਾਰ ਕਰਨਾ ਚਾਹੀਦਾ ਹੈ । ਸੰਸਾਰ ਨੂੰ ਦੁੱਖਾਂ ਦਾ ਘਰ ਦੱਸਦਿਆ ਸੁਖ ਦੀ ਪ੍ਰਾਪਤੀ ਲਈ ਗੁਰੂ ਜੀ ਨੇ ਦਰਸਾਇਆ ਹੈ-

ਨਾਨਕ ਦੁਖੀਆ ਸਭ ਸੰਸਾਰ। ਸੋ ਸੁਖੀਆ ਜਿਸ ਨਾਮੁ ਆਧਾਰ ।

ਸਾਰ-ਅੰਜ-ਸੋ ਸਾਨੂੰ ਦੁੱਖ ਵਿਚ ਪ੍ਰਭੂ ਦੇ ਨਾਮ ਦਾ ਆਸਰਾ ਲੈਣਾ ਚਾਹੀਦਾ ਹੈ । ਉਸ ਦੇ ਭਾਣੇ ਨੂੰ ਮਿੱਠਾ ਕਰ ਕੇ ਮੰਨਣਾ ਚਾਹੀਦਾ ਹੈ । ਇਸ ਦੇ ਨਾਲ ਮਨੁੱਖ ਵਿਚ ਆਤਮਿਕ ਬਲ ਪੈਦਾ ਹੁੰਦਾ ਹੈ ਤੇ ਉਹ ਦੁੱਖਾ ਨੂੰ ਪਛਾੜਨ ਲਈ ਸੰਘਰਸ਼ ਕਰਦਾ ਹੋਇਆ ਸੁਖ ਨੂੰ ਪ੍ਰਾਪਤ ਕਰਦਾ ਹੈ ।

Leave a Comment